ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਏ.ਪੀ. ਇੰਟਰਨੈਸ਼ਨਲ ਸਕੂਲ ਨਾਲ ਮਿਲ ਕੇ ਪਿੰਡ ਗਿੱਲ ਪੱਤੀ ਵਿੱਚ ਰੈਲੀ ਆਯੋਜਿਤ
ਬਠਿੰਡਾ, 12 ਨਵੰਬਰ : (ਚੜ੍ਹਦੀਕਲਾ ਆਜ਼ਾਦ ਬਿਉਰੋ)
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋਂ ਏ.ਪੀ. ਇੰਟਰਨੈਸ਼ਨਲ ਸਕੂਲ, ਬਠਿੰਡਾ ਦੇ ਸਹਿਯੋਗ ਨਾਲ ਪਿੰਡ ਗਿੱਲ ਪੱਤੀ ਵਿੱਚ ਨਸ਼ੇ ਦੀ ਲਤ ਖਿਲਾਫ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
ਇਹ ਰੈਲੀ ਸ੍ਰੀ ਕਰੁਨੇਸ਼ ਕੁਮਾਰ, ਜਿਲ੍ਹਾ ਅਤੇ ਸੈਸ਼ਨ ਜੱਜ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਜੀ ਦੀਆਂ ਹਦਾਇਤਾਂ ਅਤੇ ਸ੍ਰੀਮਤੀ ਬਲਜਿੰਦਰ ਕੌਰ ਮਾਨ, ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੱਢੀ ਗਈ।
ਰੈਲੀ ਦੇ ਆਯੋਜਨ ਵਿੱਚ ਏ.ਪੀ. ਇੰਟਰਨੈਸ਼ਨਲ ਸਕੂਲ ਦੇ ਸਟਾਫ, ਵਿਦਿਆਰਥੀਆਂ ਅਤੇ ਪੈਰਾ ਲੀਗਲ ਵਲੰਟੀਅਰਜ਼ ਰਾਧੇ ਸਿਆਮ ਬਾਂਸਲ, ਰਾਕੇਸ ਨਰੂਲਾ, ਸੰਜੀਵ ਕੁਮਾਰ ਅਤੇ ਪਰਮਜੀਤ ਕੌਰ ਨੇ ਸਹਿਯੋਗ ਦਿੱਤਾ।
ਇਸ ਮੌਕੇ ਵਿਦਿਆਰਥੀਆਂ ਨੇ ਨਸ਼ੇ ਦੇ ਸਾਈਡ ਇਫੈਕਟਸ ਅਤੇ ਨਸ਼ੇ ਕਾਰਨ ਪਰਿਵਾਰ ਤੇ ਸਮਾਜ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਨਾਟਕ ਪੇਸ਼ ਕੀਤਾ। ਨਾਟਕ ਰਾਹੀਂ ਇਹ ਦਰਸਾਇਆ ਗਿਆ ਕਿ ਨਸ਼ੇ ਦੀ ਲਤ ਕਿਸ ਤਰ੍ਹਾਂ ਇੱਕ ਵਿਅਕਤੀ ਦੀ ਜ਼ਿੰਦਗੀ ਅਤੇ ਉਸਦੇ ਪਰਿਵਾਰ ਨੂੰ ਪ੍ਰਭਾਵਿਤ ਕਰਦੀ ਹੈ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪਿੰਡ ਗਿੱਲ ਪੱਤੀ ਵਿੱਚ ਨਸ਼ਾ ਮੁਕਤੀ ਦੇ ਨਾਰੇ ਲਗਾਉਂਦੇ ਹੋਏ ਰੈਲੀ ਕੱਢੀ, ਜਿਸ ਵਿੱਚ ਪਿੰਡ ਵਾਸੀਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਪੈਰਾ ਲੀਗਲ ਵਲੰਟੀਅਰਜ਼ ਵੱਲੋਂ ਪਿੰਡ ਵਾਸੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਜੇ ਕੋਈ ਵਿਅਕਤੀ ਜਾਂ ਪਰਿਵਾਰ ਨਸ਼ੇ ਜਾਂ ਕਿਸੇ ਹੋਰ ਸਮਾਜਿਕ ਸਮੱਸਿਆ ਕਾਰਨ ਪੀੜਤ ਹੈ, ਤਾਂ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਬਿਨਾਂ ਖਰਚੇ ਦੇ ਕਾਨੂੰਨੀ ਮਦਦ ਪ੍ਰਾਪਤ ਕਰ ਸਕਦਾ ਹੈ।
ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸਕੂਲ ਪ੍ਰਿੰਸੀਪਲ ਸ੍ਰੀ ਰਾਜੀਵ ਕੁਮਾਰ, ਸਕੂਲ ਅਧਿਆਪਕ, ਵਿਦਿਆਰਥੀ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਤਸਵੀਰ:- ਜਿਲਾ ਅਤੇ ਸੈਸ਼ਨ ਜੱਜ ਬੱਚਿਆਂ ਨੂੰ ਨਸਾ ਨਾ ਕਰਨ ਲਈ ਪ੍ਰੇਰਿਤ ਕਰਦੇ ਹੋਏ


