ਜ਼ਿਲ੍ਹੇ ਦੇ 22 ਸਰਕਾਰੀ ਸਕੂਲਾਂ ਦੇ ਕਰੀਅਰ ਕਾਊਂਸਲ ਇੰਚਾਰਜਾਂ ਨੇ ਲਿਆ ਭਾਗ
ਬਠਿੰਡਾ, 12 ਨਵੰਬਰ (ਚੜ੍ਹਦੀਕਲਾ ਆਜ਼ਾਦ ਬਿਉਰੋ) : ਭਾਰਤੀ ਏਅਰਟੈੱਲ ਫਾਊਂਡੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਦੇ ਸਹਿਯੋਗ ਨਾਲ, ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਦੀ ਰਹਿਨੁਮਾਈ ਹੇਠ ਇਕ ਰੋਜ਼ਾ ਕਰੀਅਰ ਕਾਊਂਸਲ ਮੀਟ ਤੇ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ 22 ਸਰਕਾਰੀ ਸਕੂਲਾਂ ਦੇ ਕਰੀਅਰ ਕਾਊਂਸਲ ਇੰਚਾਰਜਾਂ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਵਰਕਸ਼ਾਪ ਵਿੱਚ ਜਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਮੈਡਮ ਹਰਸਿਤਾ ਸਰਮਾ (ਆਈ.ਏ.ਐਸ.) ਵੱਲੋਂ ਸ਼ਿਰਕਤ ਕੀਤੀ ਗਈ।
ਇਸ ਵਰਕਸ਼ਾਪ ਦੀ ਅਗਵਾਈ ਸ. ਅਮ੍ਰਿਤਪਾਲ ਸਿੰਘ ਕਲਸੀ, ਮੁੱਖੀ ਕਰੀਅਰ ਐਂਡ ਗਾਈਡੈਂਸ ਡਿਪਾਰਟਮੈਂਟ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੀਤੀ ਗਈ। ਉਨ੍ਹਾਂ ਨੇ ਸਕੂਲ ਪੱਧਰ ‘ਤੇ ਵਿਦਿਆਰਥੀਆਂ ਦੀ ਕਰੀਅਰ ਚੋਣ ਵਿੱਚ ਸਹਾਇਕ ਬਣਨ ਲਈ ਕਾਊਂਸਲਰਾਂ ਨੂੰ ਵੱਖ-ਵੱਖ ਮੌਕਿਆਂ ਅਤੇ ਨਵੀਂ ਪੀੜ੍ਹੀ ਦੀਆਂ ਜ਼ਰੂਰਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਵਰਕਸ਼ਾਪ ਦੌਰਾਨ ਡਾ. ਸਰੂਤੀ ਸੁਕਲਾ, ਸਹਾਇਕ ਡਾਇਰੈਕਟਰ (ਐਸ.ਸੀ.ਈ.ਆਰ.ਟੀ., ਪੰਜਾਬ) ਗਾਈਡੈਂਸ ਐਂਡ ਕਾਊਂਸਲਿੰਗ ਨੇ ਕਾਊਂਸਲਰਾਂ ਨੂੰ ਵਿਦਿਆਰਥੀਆਂ ਨਾਲ ਪ੍ਰਭਾਵਸ਼ਾਲੀ ਸੰਚਾਰ, ਮਨੋਵਿਗਿਆਨਕ ਸਹਾਇਤਾ ਅਤੇ ਕਰੀਅਰ ਯੋਜਨਾ ਬਣਾਉਣ ਦੇ ਤਰੀਕਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।
ਸਾਰੇ ਪ੍ਰੋਗਰਾਮ ਨੂੰ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੀ ਟੀਮ ਦੇ ਸਹਿਯੋਗ ਨਾਲ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ‘ਤੇ ਸਾਰੇ ਵਿਦਵਾਨਾਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਯੋਗੀ ਪ੍ਰੋਗਰਾਮ ਜਾਰੀ ਰੱਖਣ ਦਾ ਸੰਕਲਪ ਕੀਤਾ ਗਿਆ।
ਇਸ ਮੌਕੇ ਡਿਪਟੀ ਡੀ.ਈ.ਓ. ਸ. ਚਮਕੌਰ ਸਿੰਘ ਸਿੱਧੂ, ਜ਼ਿਲ੍ਹਾ ਕਰੀਅਰ ਕਾਊਂਸਲ ਇੰਚਾਰਜ ਰਾਜੀਵਰ ਔਲਖ ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਦੇ ਕਰੀਅਰ ਕਾਊਂਸਲ ਇੰਚਾਰਜ ਵਿਸ਼ਾਲ ਚਾਵਲਾ ਆਦਿ ਮੌਜੂਦ ਰਹੇ।



